ਕਾਮਯਾਬੀ ਵੱਲ ਵੱਧਦੇ ਕਦਮ "ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ" ਦੇ ਕਵੀ ਦਰਬਾਰ ਵਿੱਚ ਕਵੀਆਂ-ਕਵਿਤ੍ਰੀਆਂ ਨੇ ਵਾਹ-ਵਾਹ ਖੱਟੀ।
ਚੰਡੀਗੜ੍ਹ 14 ਅਗਸਤ ( ਅੰਜੂ ਅਮਨਦੀਪ ਗਰੋਵਰ ) ਪੰਜਾਬੀ ਮਾਂ ਬੋਲੀ ਨੂੰ ਪੂਰਨ ਤੌਰ ਤੇ ਸਮਰਪਿਤ "ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ" ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸੋਲਾਂ ਕਵੀ-ਕਵਿਤ੍ਰੀਆਂ ਨੇ ਭਾਗ ਲਿਆ। ਕੌਮਾਂਤਰੀ ਪੰਜਾਬੀ ਕਾਫ਼ਲਾ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਆਏ ਸਾਰੇ ਕਵੀਆਂ-ਕਵਿਤ੍ਰੀਆਂ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਖੂਬਸੁਰਤ ਸ਼ੇਅਰ "ਮੰਜਿਲ ਵੱਲ ਨੂੰ ਵੱਧਦਿਆਂ ਰਾਹਾਂ ਦੇ ਵਿੱਚ ਮੋੜ ਆਉਣਗੇ,ਆਪਣੇ ਥੋੜ੍ਹੇ ਘੱਟ ਤੇ ਬਹੁਤੇ ਗੈਰ ਰੋੜ ਵਛਾਉਣਗੇ। ਕਦੇ ਡਗਮਗਾਉਣੇ ਨਹੀਂ ਕਦਮ ਮਿੱਦਟਾ ਰਹੂਗਾ ਫਾਸਲਾ,ਝੱਖੜਾਂ ਨੂੰ ਸਹਾਰਦਾ ਵੱਧਦਾ ਰਹੇਗਾ ਅੱਗੇ ਇਹ ਕੌਮਾਂਮਤੀ ਪੰਜਾਬੀ ਕਾਫ਼ਲਾ" ਨਾਲ ਕੀਤੀ। ਕਵੀ ਦਰਬਾਰ ਦੇ ਮੰਚ ਨੂੰ ਸੰਭਾਲਦਿਆਂ ਮੁਖਤਾਰ ਸਿੰਘ ਚੰਦੀ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਭਨਾਂ ਦਾ ਮਨ ਮੋਹ ਲਿਆ। ਬਲਰਾਜ ਸਿੰਘ ਬਰਾੜ ਨੇ ਆਪਣੀ ਕਵਿਤਾ "ਸਾਵਣ ਆਇਆ ਖੁਸ਼ੀਂ ਖੇੜੇ ਲੈ ਕੇ ਆਇਆ" ਨਾਲ ਕੀਤੀ। ਮੋਤੀ ਸ਼ਾਇਰ ਪੰਜਾਬੀ ਨੇ "ਉਦੋਂ ਕਿਉਂ ਨੀ ਆਇਆ ਸੋਹਣਿਆ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ" ਨਾਲ ਵਾਹ-ਵਾਹ ਖੱਟੀ। ਸਰਬਜੀਤ ਸਿੰਘ ਜਰਮਨੀ ਵੱਲੋਂ "ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ, ਪੰਜਾਬ ਚ ਸਾਨੂੰ ਟਿਕਣ ਨਾ ਦੇਂਦੇ ਬਾਹਰ ਦੇ ਰੁੱਖਾਂ ਉੱਤੇ ਜੀ ਆਲ੍ਹਣਾ ਪਾਈਏ" ਸੱਚ ਨੂੰ ਬਿਆਨ ਕਰਦੀ ਪੰਛੀਆਂ ਪ੍ਰਤੀ ਫਿਕਰਮੰਦ ਹੁੰਦੇ ਹੋਏ ਰਚਨਾ ਨਾਲ ਸਭਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਕਵਿਤ੍ਰੀ ਸੰਦੀਪ ਰਾਣੀ ਨੇ "ਅੱਜ ਹਵਾ ਖੁਸ਼ੀ ਵਿੱਚ ਗਾਉਂਦੀ ਲਹਿਰਾਉਂਦੀ ਜਾਪਦੀ" ਨਾਲ
ਕੁਦਰਤ ਦੀ ਗੱਲ ਕੀਤੀ। ਗੁਰਮੀਤ ਸਿੰਘ ਮੱਲ੍ਹੀ ਨੇ ਆਪਣੇ ਗੀਤ "ਸਾਨੂੰ ਵਲ਼ ਫੇਰ ਨਹੀਂ ਆਉਂਦੇ ਅਸੀਂ ਖੁੱਲ੍ਹੇ ਖੇਤਾਂ ਵਰਗੇ ਹਾਂ" ਨਾਲ ਸਭਨਾਂ ਦਾ ਮਨ ਮੋਹ ਲਿਆ। ਜਸਵਿੰਦਰ ਕੌਰ ਮਿੰਟੂ ਨੇ "ਰੇਸ਼ਮ ਦਾ ਧਾਗਾ ਨਹੀਂ ਇਹ ਵੱਖਰੀ ਪਹਿਚਾਣ ਏ" ਨਾਲ ਰੱਖੜੀ ਦੇ ਤਿਉਹਾਰ ਨਾਲ ਸਬੰਧਿਤ ਭੈਣ-ਭਰਾ ਦੇ ਰਿਸ਼ਤੇ ਨੂੰ ਬਿਆਨ ਕੀਤਾ। ਅਗਲੇ ਸੱਦੇ ਤੇ ਗੁਲਸ਼ਨ ਮਿਰਜ਼ਪੁਰੀ ਨੇ "ਕੀ ਏ ਤੇਰੇ ਕੋਲ ਫ਼ਕੀਰਾਂ ? ਮਨ ਦੀ ਬਗਲੀ ਖੋਲ੍ਹ ਫਕੀਰਾ" ਬਾਖੂਬੀ ਬਿਆਨ ਕੀਤਾ। ਅੰਮ੍ਰਿਤਪਾਲ ਕਲੇਰ ਨੇ ਆਪਣੀ ਹਾਜ਼ਰੀ ਟੱਪਿਆ ਨਾਲ "ਝੱਗਾ ਦਰਜ਼ੀ ਨੇ ਤੰਗ ਕੀਤਾ, ਮਾਹਿਆ ਰਹਿੰਦਾ ਫੇਸਬੁੱਕ ਤੇ ਉਹਨੇ ਇਸੇ ਗੱਲੋਂ ਤੰਗ ਕੀਤਾ" ਨਾਲ ਵਾਹ-ਵਾਹ ਖੱਟੀ। ਮੇਹਰਬਾਨ ਸਿੰਘ ਜੋਸਨ ਨੇ ਆਪਣੀ ਰਚਨਾ "ਮੁੱਦਤ ਬਾਅਦ ਤਾਰੇ ਗਿਣੇ ਨੇ, ਘੱਟ ਗਏ ਨੇ ਮੈਂ ਸਾਰੇ ਗਿਣੇ ਨੇ" ਆਪਣੀ ਹਾਜ਼ਰੀ ਲਗਵਾਈ। ਪੋਲੀ ਬਰਾੜ ਯੂ ਐਸ ਏ ਨੇ ਆਪਣੀ ਰਚਨਾ ਵਿੱਚ "ਵਿਦਵਾਨ ਵਿਦਵਾਨੀ ਘੋਟਦੇ ਕਹਿਣ ਇਹ ਰੱਖੜੀ ਇੱਕੋ ਈ ਫਿਰਕੇ ਦਾ ਤਿਉਹਾਰ ਹੈ” ਵਿੱਚ ਬਹੁਤ ਵੱਡੀ ਗੱਲ ਕੀਤੀ। ਅਮਨਬੀਰ ਸਿੰਘ ਧਾਮੀ ਨੇ ਆਪਣੀ ਰਚਨਾ "ਜਾਗੋ ਨਿੱਕਲੋ ਆਲ੍ਹਣਿਆ ਚੋਂ ਉੱਡੋ ਨੀ ਚਿੜੀਓ,ਅੰਬਰਾਂ ਦੇ ਵਿੱਚ ਭਰੋ ਉਡਾਰੀ ਉੱਠੋ ਨੀ ਕੁੜੀਓ" ਵਿੱਚ ਧੀਆਂ ਲਈ ਇੱਕ ਆਸ਼ਾਵਾਦੀ ਸੁਨੇਹਾ ਦਿੱਤਾ। ਅਗਲੇ ਸੱਦੇ ਤੇ ਦੀਸ਼ ਦਬੁਰਜੀ ਨੇ "ਆਮ ਨਹੀਂ ਬੜਾ ਖਾਸ਼ ਏ ਤੂੰ,ਦਿਲ ਦੇ ਸੱਜਣਾ ਪਾਸ ਏ ਤੂੰ" ਨਾਲ ਵਾਹ-ਵਾਹ ਖੱਟੀ। ਜਸਵਿੰਦਰ ਸਿੰਘ ਢਿੱਲੋਂ ਨੇ ਕਵੀਸ਼ਰੀ ਦੇ ਰੰਗ ਵਿੱਚ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਗੱਲ ਕਰਦਿਆਂ "ਸਦਾ ਜਵਾਨੀ ਮਾਣੇ ਤੂੰ ਵੀਰਾ, ਮੇਰੀ ਮਾਂ ਦਾ ਜਾਇਆ ਏ ਤੂੰ" ਨਾਲ ਖੂਬ ਰੰਗ ਬੰਨ੍ਹਿਆ। ਰੱਖੜੀ ਦੇ ਤਿਉਹਾਰ ਦੀ ਗੱਲ ਕਰਦਿਆਂ ਮੰਗਤ ਖਾਨ ਨੇ "ਮੈਂ ਦੱਸ ਕਿਹਦੇ ਬੰਨ੍ਹਾ ਰੱਖੜੀ ਦਿਨ ਰੱਖੜੀ ਦਾ ਅੱਜ ਆਇਆ" ਨਾਲ ਰੱਬ ਨੂੰ ਤਾਅਨਾ ਮਾਰਿਆ। ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ ਦੇ ਸ੍ਰਪਰਸਤ ਬਿੰਦਰ ਕੋਲੀਆਂ ਵਾਲ ਪ੍ਰਦੇਸਾਂ ਵਿੱਚ ਰਹਿੰਦੇ ਹੋਏ ਯਾਦਾਂ ਦੇ ਝਰੋਖੇ ਵਿੱਚੋਂ "ਬੀਤੇ ਸਮੇਂ ਨੂੰ ਯਾਦ ਕਰਦਿਆਂ ਬਣ ਜਾਂਦੀ ਇੱਕ ਤਸਵੀਰ" ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਮੰਚ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਖਤਾਰ ਸਿੰਘ ਚੰਦੀ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਚੇਤੇ ਕਰਦੇ ਹੋਏ "ਜਲ੍ਹਿਆ ਵਾਲੇ ਬਾਗ ਦਾ ਤੈਥੋਂ ਬਦਲਾ ਲੈਣਾ" ਨਾਲ ਸਰਧਾਜਲੀ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦੇ ਆਖਿਰ ਵਿੱਚ ਗੁਰਮੀਤ ਸਿੰਘ ਮੱਲ੍ਹੀ ਨੇ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਾਰੇ ਕਵੀਆਂ, ਕਵਿਤ੍ਰੀਆਂ ਦਾ ਧੰਨਵਾਦ ਕੀਤਾ। ਜੰਮੂ ਤੋਂ ਸ਼ਾਇਰ ਭੁਪਿੰਦਰ ਸਿੰਘ ਰੈਨਾ ਜੀ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਪਰ ਇੰਟਰਨੈਂਟ ਦੀ ਮਜਬੂਰੀ ਕਰਕੇ ਉਹ ਆਪਣੀ ਕਵਿਤਾ ਦੀ ਹਾਜ਼ਰੀ ਨਹੀਂ ਲਗਾ ਸਕੇ। ਜੇਕਰ ਤੁਸੀਂ ਵੀ ਸਾਡੇ ਇਸ ਨਿਵੇਕਲੇ, ਰੰਗਾਂ ਦੇ ਕਵੀ ਦਰਬਾਰ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ ਅਤੇ ਯੂ ਟਿਊਬ ਚੈਨਲ ਬਿੰਦਰ ਕੋਲੀਆਂ ਵਾਲ ਤੇ ਮਾਣ ਸਕਦੇ ਹੋ। ਆਉ “ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ” ਨਾਲ ਜੁੜ ਕੇ ਆਪਣੀ ਕਲਮ ਚਲਾਈਏ, ਕੁਝ ਆਪਣਾ ਲਿਖਿਆ ਦੂਜਿਆਂ ਨੂੰ ਸੁਣਾਈਏ ਤੇ ਦੂਜਿਆਂ ਦਾ ਲਿਖਿਆ ਸੁਣੀਏ।
Comments
Post a Comment