ਮਸ਼ਹੂਰ ਅਤੇ ਨਾਮਵਰ ਬਜ਼ੁਰਗ ਰੰਗਕਰਮੀ, ਨਾਟ ਨਿਰਦੇਸ਼ਕ, ਅਦਾਕਾਰ ਅਦਾਕਾਰ ਸੁਰੇਸ਼ ਪੰਡਿਤ ਜੀ ਨਹੀਂ ਰਹੇ

 

ਰੰਗ ਕਰਮੀਆਂ, ਕਲਾਕਾਰਾਂ ਅਤੇ ਸਾਹਿਤਕਾਰਾਂ  ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ





ਅੰਮਿ੍ਤਸਰ, ੪ ਜੁਲਾਈ ( ਦੀਪ ਦੇਵਿੰਦਰ ) :-  ਕਲਾ ਦੇ ਖੇਤਰ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੰਮ੍ਰਿਤਸਰ ਸ਼ਹਿਰ ਦੇ ਨਾਮਵਰ ਬਜ਼ੁਰਗ ਰੰਗਕਰਮੀ, ਨਾਟ ਨਿਰਦੇਸ਼ਕ ਅਤੇ ਅਦਾਕਾਰ ਸੁਰੇਸ਼ ਪੰਡਿਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਢਿੱਲੀ ਚਲ ਰਹੀ ਸੀ।ਉਨ੍ਹਾਂ ਬੀਤੀ ਰਾਤ ਆਪਣੇ ਘਰ ਅੰਤਿਮ ਸਵਾਸ ਲਏ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੇਜ਼ਲ ਅੱਖਾਂ ਨਾਲ ਲੇਖਕਾਂ, ਕਲਾਕਾਰਾਂ ਅਤੇ ਰੰਗਕਰਮੀਆਂ ਦੀ ਹਾਜਰੀ ਵਿਚ ਸਥਾਨਕ ਦੁਰਗਿਆਣਾ ਮੰਦਿਰ ਨੇੜਲੇ  ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਹਨਾਂ ਦੇ ਬੇਟੇ ਵਿਭੂ ਪੰਡਿਤ ਵੱਲੋਂ ਵਿਖਾਈ ਗਈ। ਦੀਪ ਦੇਵਿੰਦਰ ਸਿੰਘ,  ਸ਼੍ਰੀ ਕੇਵਲ ਧਾਲੀਵਾਲ ਅਤੇ ਡਾ ਜਗਦੀਸ਼ ਸਚਦੇਵਾ ਨੇ ਇਸ ਮੌਕੇ ਦੱਸਿਆ ਕਿ 1945 ਨੂੰ ਜਨਮੇ ਸੁਰੇਸ਼ ਪੰਡਿਤ ਹੁਰਾਂ  ਅਨੇਕਾਂ ਨਾਟਕਾਂ ਤੇ ਫਿਲਮਾਂ ਵਿਚ  ਯਾਦਗਾਰੀ ਰੋਲ ਨਿਭਾਏ। ਸੰਤਾਲੀ ਦੀ ਵੰਡ ਤੇ ਅਧਾਰਿਤ ਫਿਲਮ ਲਹੌਰੀਏ ਵਿਚ ਉਨ੍ਹਾਂ ਵਲੋਂ ਨਿਭਾਏ ਬਜ਼ੁਰਗ ਮੁਸਲਿਮ ਕਿਰਦਾਰ ਨੇ ਬੰਦੇ ਅੰਦਰਲੇ ਹੇਰਵੇ ਨੂੰ ਨਵੇਂ ਅਰਥ ਬਖਸ਼ੇ। ਉਹਨਾ ਛੇ ਦਹਾਕੇ ਪਹਿਲਾਂ ਭਾ ਜੀ ਗੁਰਸ਼ਰਨ ਸਿੰਘ ਕੋਲੋਂ ਅੰਮ੍ਰਿਤਸਰ ਦੇ ਵਰਾਸਤੀ ਓਪਨ ਏਅਰ ਥਿਏਟਰ ਵਿੱਚ ਰੰਗ ਮੰਚ ਦੀ ਸ਼ੁਰੂਆਤ ਕੀਤੀ ਅਤੇ "ਕਣਕ ਦੀ ਬੱਲੀ, ਲੋਹਾ ਕੁੱਟ,ਧੂਣੀ ਦੀ ਅੱਗ, ਅਰਸ਼ ਫਰਸ਼, ਮੌਤ, ਉੱਪਰਲੀ ਮੰਜ਼ਿਲ, ਜਿਨ ਸੱਚ ਪੱਲੇ ਹੋਏ, ਉਦਾਸ ਲੋਕ ਅਤੇ ਕੱਚਾ ਘੜਾ" ਵਰਗੇ ਅਨੇਕਾਂ ਨਾਟਕਾਂ ਵਿੱਚ ਆਪਣੇ  ਯਾਦਗਾਰੀ ਕਿਰਦਾਰ ਨਿਭਾ ਕੇ ਉਮਰ ਭਰ ਕਲਾ ਨਾਲ ਜੁੜੇ ਰਹੇ।  ਅੰਤਿਮ ਸੰਸਕਾਰ ਮੌਕੇ ਰੰਗ ਮੰਚ ਅਭਨੇਤਰੀ ਜਤਿੰਦਰ ਕੌਰ, ਫਿਲਮੀ ਕਲਾਕਾਰ ਅਤੇ ਰੰਗ ਕਰਮੀ ਹਰਦੀਪ ਗਿੱਲ, ਮਨਮੋਹਨ ਸਿੰਘ ਢਿੱਲੋਂ, ਏ ਐਸ ਚਮਕ, ਨਰਿੰਦਰ ਸਾਂਘੀ, ਅਮਰਪਾਲ, ਅੰਗਰੇਜ ਸਿੰਘ ਵਿਰਦੀ, ਯੁਗੇਸ਼ ਕਪੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਹਿਰ ਵਾਸੀ ਹਾਜਰ ਸਨ।

Comments