ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਕੇ ਸੁਹਿਰਦ ਸਮਾਜ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾਣਗੇ - ਕੈਪਟਨ ਜਸਵੰਤ ਸਿੰਘ ਪੰਡੋਰੀ
ਹਮੇਸ਼ਾ ਤੋਂ ਹੀ ਸਾਡੀ ਸਾਰਿਆਂ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਕਦਰਾਂ ਕੀਮਤਾਂ ਅਤੇ ਸੰਸਕਾਰਾਂ ਵਾਲੇ ਹੋਣ ਅਤੇ ਪੜ੍ਹਾਈ ਦੇ ਨਾਲ ਨਾਲ ਹੁਨਰਮੰਦ ਹੋ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ। ਅੱਜ ਦੇ ਸਮੇਂ ਵਿੱਚ ਬਚਪਨ ਤੋਂ ਹੀ ਬੱਚਿਆਂ ਨੂੰ ਸੱਚ ਝੂਠ, ਚੰਗਾ ਮਾੜਾ ਅਤੇ ਸਹੀ ਗ਼ਲਤ ਦੀ ਪਹਿਚਾਣ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ ਹੈ। ਸਮਾਜ ਵਿੱਚ ਸਲੀਕੇ ਨਾਲ ਵਿਚਰਣ ਅਤੇ ਵਧੀਆ ਸਮਾਜ ਸਿਰਜਣ ਦੀ ਜੀਵਨ ਜਾਚ ਸਾਨੂੰ ਗੁਰਬਾਣੀ ਤੋਂ ਪ੍ਰਾਪਤ ਹੋ ਸਕਦੀ ਹੈ। ਬੱਚਿਆਂ ਨੂੰ ਸੱਚ ਦੇ ਪਾਂਧੀ ਬਣਾਉਣ ਲਈ ਗੁਰਸਿੱਖੀ ਸਿਧਾਂਤ ਨਾਲ ਜੋੜਨਾ ਜ਼ਰੂਰੀ ਹੈ। ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਪਿੰਡ ਬੁੱਟਰ ਵਿਖੇ ਖਾਲਸਾ ਨਿਰਮਲ ਸਿੰਘ ਮਾਹਲਾ ਵੱਲੋਂ ਗੁਰਦੁਆਰਾ ਭੁੱਲਰ ਪੱਤੀ ਵਿੱਚ ਹਫਤਾਵਾਰੀ ਗੁਰਸਿੱਖੀ ਸਿਖਲਾਈ ਕੈਂਪ ਦੀ ਪਹਿਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਪਟਨ ਜਸਵੰਤ ਸਿੰਘ ਪੰਡੋਰੀ, ਅਧਿਆਪਕ ਲਖਵਿੰਦਰ ਕੌਰ, ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੀ ਪੰਚਾਇਤ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਬੱਚਿਆਂ ਨੂੰ ਗੁਰਬਾਣੀ ਪੜ੍ਹਨ, ਮੁਹਾਰਨੀ ਸਿਖਾਉਣ ਅਤੇ ਗੁਰਸਿੱਖੀ ਜੀਵਨ ਜਾਚ ਬਾਰੇ ਪੜਾਉਣ ਦੀ ਅਧਿਆਪਕ ਲਖਵਿੰਦਰ ਕੌਰ ਨੇ ਪਹਿਲ ਕੀਤੀ। ਖਾਲਸਾ ਨਿਰਮਲ ਸਿੰਘ ਮਾਹਲਾ ਜੀ ਦੁਆਰਾ ਹਰ ਹਫ਼ਤੇ ਸਾਰੇ ਪ੍ਰਬੰਧ ਕਰਕੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇ ਨਾਲ ਨਾਲ ਮਾਪਿਆਂ ਨੂੰ ਜਾਗਰੂਕ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਕੈਪਟਨ ਜਸਵੰਤ ਸਿੰਘ ਨੇ ਅਲੱਗ ਅਲੱਗ ਸ਼ਖ਼ਸੀਅਤ ਨਾਲ ਸੰਪਰਕ ਕਰਕੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੌਂਸਲਰਾਂ ਨੂੰ ਉਨ੍ਹਾਂ ਦੇ ਰੂ ਬ ਰੂ ਕਰਨ ਦੀ ਸੇਵਾ ਨਿਭਾਈ। ਬਹੁਤ ਖੁਸ਼ੀ ਦੀ ਗੱਲ ਹੈ ਬੱਚੇ ਹੁਣ ਤੱਕ ਜਪੁਜੀ ਸਾਹਿਬ, ਕੀਰਤਨ ਕਰਨਾ, ਦਸਤਾਰ ਸਜਾਉਣਾ ਅਤੇ ਭੋਜਨ ਨੂੰ ਸਤਿਕਾਰ ਸਹਿਤ ਛਕਣਾ ਸਿੱਖ ਚੁੱਕੇ ਹਨ। ਅੱਜ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਬੱਚਿਆਂ ਅਤੇ ਮਾਪਿਆਂ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਕੇ ਸੁਹਿਰਦ ਸਮਾਜ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭਾ ਹਮੇਸ਼ਾ ਹੀ ਇਸ ਵਧੀਆ ਉਪਰਾਲੇ ਲਈ ਹਰ ਸੰਭਵ ਸਹਿਯੋਗ ਕਰਦੀ ਰਹੇਗੀ। ਉਨ੍ਹਾਂ ਸਾਰੇ ਬੱਚਿਆਂ, ਮਾਪਿਆਂ ਅਤੇ ਪ੍ਰਬੰਧਕੀ ਸੇਵਾਦਾਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਰੱਬੀ ਰੂਹਾਂ ਦੇ ਹਿੱਸੇ ਹੀ ਆਉਂਦੇ ਹਨ। ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਖਾਲਸਾ ਬਲਵਿੰਦਰ ਸਿੰਘ ਯੂ ਐਸ ਏ ਵੱਲੋਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਬੱਚਿਆਂ ਵਾਸਤੇ ਹਰ ਪ੍ਰਕਾਰ ਦੇ ਸਹਿਯੋਗ ਦੀ ਸੇਵਾ ਕਰਨ ਬਾਰੇ ਵਚਨ ਦਿੱਤਾ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਠਾਰਾਂ ਮਈ ਤੋਂ ਹਫਤਾਵਾਰੀ ਦੀ ਬਜਾਏ ਰੋਜ਼ਾਨਾ ਬੱਚਿਆਂ ਵਾਸਤੇ ਸ਼ਾਮ ਚਾਰ ਵਜੇ ਗੁਰਦੁਆਰਾ ਭੁੱਲਰ ਪੱਤੀ ਵਿਖੇ ਸਿਖਲਾਈ ਕੈਂਪ ਲਗਾਇਆ ਜਾਏਗਾ। ਇੱਕ ਜੂਨ ਦਿਨ ਐਤਵਾਰ ਨੂੰ ਬੱਚਿਆਂ ਨੂੰ ਮਾਰਸ਼ਲ ਆਰਟ ਗੱਤਕਾ ਦਿਖਾਇਆ ਜਾਏਗਾ ਅਤੇ ਬਾਅਦ ਵਿੱਚ ਚਾਹਵਾਨ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ। ਇਸ ਤੋਂ ਇਲਾਵਾ ਦਸਤਾਰ ਮੁਕਾਬਲੇ ਤੋਂ ਬਾਅਦ ਦਸਤਾਰਾਂ ਦਾ ਲੰਗਰ ਵੀ ਲਗਾਇਆ ਜਾਏਗਾ। ਸਿੱਖ ਇਤਿਹਾਸ ਦੇ ਪ੍ਰਸ਼ਨ ਉੱਤਰ, ਕੀਰਤਨ ਕਰਨਾ ਅਤੇ ਸ਼ੁੱਧ ਪਾਠ ਕਰਨ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੀ ਪੰਚਾਇਤ ਨੂੰ ਸਹਿਯੋਗ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਬੱਚੇ ਸਾਡੀ ਬਹੁਮੁੱਲੀ ਜਾਇਦਾਦ ਹਨ ਅਤੇ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨਾ ਸਾਡਾ ਪਹਿਲਾ ਫਰਜ਼ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇੱਕ ਸੁਹਿਰਦ ਸਮਾਜ ਨੂੰ ਸਿਰਜਣ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਰਹਿਣਗੇ।
Comments
Post a Comment