ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਸੰਪੰਨ

 

ਚੰਡੀਗੜ੍ਹ 29 ਮਾਰਚ, ( ਅੰਜੂ ਅਮਨਦੀਪ ਗਰੋਵਰ) - ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਫਲੈਟ ਨੰ:140, ਸੈਕਟਰ-55, ਚੰਡੀਗੜ੍ਹ ਵਿਖੇ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਸਾਦਾ ਪਰੰਤੂ ਭਾਵਪੂਰਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਕੀਤੀ ਗਈ ਜਦਕਿ ਉੱਘੇ ਗੀਤਕਾਰ ਤੇ ਕਵੀ ਪਿਆਰਾ ਸਿੰਘ ਰਾਹੀ ਅਤੇ ਜਗਪਾਲ ਸਿੰਘ ਆਈ.ਏ.ਐੱਫ. (ਰਿਟਾ.) ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅਰੰਭ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਆਏ ਸਾਹਿਤਕਾਰਾਂ/ਕਵੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਗਿਆ। ਉਪਰੰਤ ਚਰਚਿਤ ਗੀਤਕਾਰ ਮੰਦਰ ਸਿੰਘ ਗਿੱਲ ਸਾਹਿਬਚੰਦੀਆ ਵੱਲੋਂ ਸ. ਭਗਤ ਸਿੰਘ ਨੂੰ ਸਮਰਪਿਤ ਆਪਣਾ ਗੀਤ ‘ਗੁਲਾਮੀ ਅੱਗੇ ਨਹੀਂਓਂ ਝੁਕਣਾ’ ਗਾ ਕੇ ਕਵੀ ਦਰਬਾਰ ਦੀ ਅਰੰਭਤਾ ਕੀਤੀ ਅਤੇ ਇਸ ਅਤੇ ਨਾਲ ਦੀ ਨਾਲ ਆਪਣੀ ਰਚਨਾ ‘ਲੂਣਾ’ ਵੀ ਪੇਸ਼ ਕੀਤੀ। ਧਿਆਨ ਸਿੰਘ ਕਾਹਲੋਂ ਨੇ ਭਗਤ ਸਿੰਘ ਤੇ ਗੀਤ ਅਤੇ ਸਮਾਜਿਕ ਰਚਨਾ ‘ਚੋਰਾਂ ਨਾਲ ਹੈ ਰਲ ਗਈ ਕੁੱਤੀ’ ਵਧੀਆ ਢੰਗ ਨਾਲ ਪੇਸ਼ ਕੀਤੀ। ਰਤਨ ਬਾਬਕਵਾਲਾ ਨੇ ਨਾਰੀ ਸ਼ਕਤੀ ਤੇ ‘ਮਿਲੀਆਂ ਨਾ ਚੱਜ ਨਾਲ ਦੋ ਰੋਟੀਆਂ’ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਫਿਰ ਮਲਕੀਤ ਨਾਗਰਾ ਨੇ ਭਗਤ ਸਿੰਘ ਦੀ ਵਾਰ, ਪੰਜਾਬੀ ਬੋਲੀ ਦਾ ਦਰਦ ਅਤੇ ਬਾਬੂ ਰਾਮ ਦੀਵਾਨਾ ਵੱਲੋਂ ਆਪਣਾ ਸੂਫ਼ੀਆਨਾ ਟੱਚ ਵਾਲਾ ਗੀਤ ਬਹੁਤ ਵਧੀਆ ਢੰਗ ਨਾਲ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਸਰਬਜੀਤ ਸਿੰਘ ਸਾਇੰਸਦਾਨ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਧਿਆਨ ਸਿੰਘ ਕਾਹਲੋਂ ਦੀ ਪੁਸਤਕ ਬੋਲ ਰਸੀਲੇ ਵਿੱਚੋਂ ਇੱਕ ਗੀਤ ਸਾਂਝਾ ਕਰਦਿਆਂ ਆਪਣੇ ਫ਼ਨ ਦਾ ਮੁਜਾਹਰਾ ਬਾਖੂਬੀ ਕੀਤਾ। ਜਿੱਥੇ ਪਿਆਰਾ ਸਿੰਘ ਰਾਹੀ ਵੱਲੋਂ ਇੱਕ ਗ਼ਜ਼ਲ ਤੇ ਇੱਕ ਦਰਦਨਾਕ ਗੀਤ ਰਾਹੀਂ ਆਪਣੀ ਹਾਜ਼ਰੀ ਲੁਆਈ ਉੱਥੇ ਉਸ ਵੱਲੋਂ ਸਮੁੱਚੇ ਪ੍ਰੋਗਰਾਮ ਨੂੰ ਮਿਆਰੀ ਵੀ ਦੱਸਿਆ। ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਰੁਬਾਈਆਂ ਅਤੇ ਨਾਰੀ ਸ਼ਕਤੀ ਵਿਸ਼ੇ ਤੇ ਜਾਣਕਾਰੀ ਜਜ਼ਬਾ ਭਰਪੂਰ ਰਚਨਾਵਾਂ ਨਾਲ ਕਾਵਿਕ ਫਿਜ਼ਾ ਵਿੱਚ ਰੰਗੀਨੀ ਭਰੀ। ਮੰਚ ਸੰਚਾਲਨ ਦੇ ਨਾਲ-ਨਾਲ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਆਪਣੀ ਰੂਹਾਨੀ ਰਚਨਾ ਰੂਹ ਤੇ ਕਲਬੂਤ ਪ੍ਰਭਾਵਸ਼ਾਲੀ ਢੰਗ ਨਾਲ ਸਰੋਤਿਆਂ ਮੂਹਰੇ ਪੇਸ਼ ਕੀਤੀ। ਇਸ ਪ੍ਰੋਗਰਾਮ ਵਿੱਚ ਡਾ. ਵੀ.ਕੇ. ਸ਼ਰਮਾ, ਕਮਲਾ ਅਤੇ ਸੁਨੀਤਾ ਆਦਿ ਨੇ ਲੰਬਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਸ. ਜਗਪਾਲ ਸਿੰਘ ਆਈ.ਏ.ਐੱਫ. (ਰਿਟਾ.) ਨੇ ਆਏ ਹੋਏ ਮਹਿਮਾਨਾਂ ਦਾ ਚਾਹ-ਪਾਣੀ ਨਾਲ ਭਰਵਾਂ ਸੁਆਗਤ ਕੀਤਾ। ਇਸ ਤਰ੍ਹਾਂ ਇਹ ਸਮਾਗਮ ਨਿਵੇਕਲੀਆਂ ਪੈੜ੍ਹਾਂ ਛੱਡਦਾ ਹੋਇਆ ਸੰਪੰਨ ਹੋਇਆ।

Comments