ਮੁਹਾਲੀ 25 ਫਰਵਰੀ, ( ਅੰਜੂ ਅਮਨਦੀਪ ਗਰੋਵਰ) - ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਸ. ਸਤਵਿੰਦਰ ਸਿੰਘ, ਐਸੋਸੀਏਟ ਡਾਇਰੈਕਟਰ ਅਤੇ ਉੱਘੇ ਗ਼ਜ਼ਲਗੋ ਗਿਆਨ ਸਿੰਘ ਦਰਦੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਾਹਿਤਕ, ਸਮਾਜਿਕ ਅਤੇ ਵਿਗਿਆਨਕ ਉਪਲੱਬਧੀਆਂ ਬਾਰੇ ਵਿਸ਼ੇਸ਼ ਰੂਪ ਵਿੱਚ ਚਾਨਣਾ ਪਾਇਆ। ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਕੀਤੀ ਗਈ ਜਦ ਕਿ ਸਤਵਿੰਦਰ ਸਿੰਘ, ਐਸੋਸੀਏਟ ਡਾਇਰੈਕਟਰ ਅਤੇ ਗਿਆਨ ਸਿੰਘ ਦਰਦੀ ਨੇ ਕ੍ਰਮਵਾਰ ਵਿਸ਼ੇਸ਼ ਮਹਿਮਾਨ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਦੋਵੇਂ ਸਖਸ਼ੀਅਤਾਂ ਨੂੰ ਮੰਚ ਵੱਲੋਂ ਸ਼ਾਲ, ਯਾਦ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਸਾਇੰਸ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਸਤਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਕਵਿਤਾ ਤੇ ਗੀਤਕਾਰੀ ਵਿੱਚ ਵੀ ਭਾਗ ਲਿਆ ਗਿਆ ਅਤੇ ਇੰਞ ਉਨ੍ਹਾਂ ਵੱਲੋਂ ਕਵੀ ਦਰਬਾਰ ਦੀ ਫਿਜ਼ਾ ਨੂੰ ਨਿਖਾਰਨ ਵਿੱਚ ਆਪਣਾ ਉਸਾਰੂ ਯੋਗਦਾਨ ਪਾਇਆ। ਮੁੱਖ ਮਹਿਮਾਨ ਵੱਲੋਂ ਜਿੱਥੇ ਆਪਣੀਆਂ ਗ਼ਜ਼ਲਾਂ ਦਾ ਗਾਇਨ ਕੀਤਾ ਗਿਆ ਉੱਥੇ ਉਨ੍ਹਾਂ ਨੇ ਸਮਾਗਮ ਨੂੰ ਮਿਆਰੀ ਦੱਸਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਰਚਾਉਂਦੇ ਰਹਿਣ ਸਬੰਧੀ ਮੰਚ ਨੂੰ ਆਪਣਾ ਨੇਕ ਸੁਝਾਅ ਦਿੱਤਾ। ਕਵੀ ਦਰਬਾਰ ਵਿੱਚ ਸ਼ਾਇਰ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਤਰੰਨਮ ਵਿੱਚ ਆਪਣੀ ਇੱਕ ਸੇਧਆਤਮਕ ਰਚਨਾ ਸਰੋਤਿਆਂ ਮੂਹਰੇ ਪੇਸ਼ ਕਰਕੇ ਇੱਕ ਨਿਵੇਕਲਾ ਰੰਗ ਬਿਖੇਰਿਆ। ਧਿਆਨ ਸਿੰਘ ਕਾਹਲੋਂ ਨੇ ਆਪਣੀ ਰਚਨਾ ਕਾਹਲੋਂ ਦੇ ਯਾਰ ਬਥੇਰੇ ਨੇ, ਅਤੇ ਲੋਕ ਗਾਇਕ ਅਮਰ ਵਿਰਦੀ ਨੇ ਆਪਣੇ ਚਰਚਿਤ ਚੰਗਿਆਈਆਂ ਬੁਰਿਆਈਆਂ ਬੁਲੰਦ ਆਵਾਜ਼ ਵਿੱਚ ਸੁਣਾ ਕੇ ਹਾਜਰੀਨ ਨੂੰ ਮੰਤਰ ਮੁਗਧ ਕਰ ਦਿੱਤਾ। ਗੁਰਸ਼ਰਨ ਕਾਕਾ, ਭੁਪਿੰਦਰ ਮਟੋਰੀਆ, ਪ੍ਰੋਫੈਸਰ ਕੇਵਲਜੀਤ ਕੰਵਲ, ਦਰਸ਼ਨ ਸਿੰਘ ਸਿੱਧੂ, ਸੁਖਵਿੰਦਰ ਪਠਾਣੀਆ, ਮਲਕੀਤ ਨਾਗਰਾ, ਮਹਿੰਗਾ ਸਿੰਘ ਕਲਸੀ, ਪ੍ਰਿੰ. ਬਹਾਦਰ ਸਿੰਘ ਗੋਸਲ, ਪਿਆਰਾ ਸਿੰਘ ਰਾਹੀ ਤੇ ਬਾਬੂ ਰਾਮ ਦੀਵਾਨਾ ਨੇ ਆਪੋ ਆਪਣੇ ਫਨ ਦਾ ਮੁਜ਼ਾਹਰਾ ਬਾਖੂਬੀ ਕਰਦਿਆਂ ਚੰਗਾ ਰੰਗ ਬੰਨ੍ਹਿਆ। ਇਸ ਸਮਾਗਮ ਦੀ ਇੱਕ ਹੋਰ ਚੰਗੇਰੀ ਗੱਲ ਇਹ ਹੋਈ ਕਿ ਆਰੀਆ ਸਮਾਜ ਮੰਦਿਰ ਦੇ ਪੰਡਿਤ ਰਾਕੇਸ਼ ਕੁਮਾਰ ਨੇ ਵੀ ਇੱਕ ਭਾਵ-ਪੂਰਤ ਗ਼ਜ਼ਲ ਤਰੰਨਮ ਵਿੱਚ ਸੁਣਾ ਕੇ ਸਰੋਤਿਆਂ ਦੀਆਂ ਤਾੜੀਆਂ ਖੂਬ ਬਟੋਰੀਆਂ। ਫਿਰ ਵਾਰੀ ਆਈ ਜਗਤਾਰ ਸਿੰਘ ਜੋਗ, ਇੰਜੀ. ਤਰਸੇਮ ਰਾਜ, ਲੋਕ ਗਾਇਕ ਗੁਰਵਿੰਦਰ ਗੁਰੀ, ਭਗਤ ਰਾਮ ਰੰਗਾੜਾ ਅਤੇ ਰਾਜ ਕੁਮਾਰ ਸਾਹੋਵਾਲੀਆ ਦੀ ਜਿੰਨ੍ਹਾਂ ਨੇ ਆਪੋ ਆਪਣੀ ਕਾਵਿਕ ਅਤੇ ਗਾਇਨ ਕਲਾ ਦੀ ਪੇਸ਼ਕਾਰੀ ਕਰਕੇ ਸਰੋਤਿਆਂ ਦੇ ਦਿਲ ਜਿੱਤ ਲਏ। ਅੰਤਲੇ ਦੌਰ ਵਿੱਚ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਦਾ ਤਰੰਨਮ ਵਿੱਚ ਜੁਬਾਨੀ ਕਾਵਿਤਾ ਪਾਠ ਉੱਚੀ ਤੇ ਸੁਰੀਲੀ ਆਵਾਜ਼ ਵਿੱਚ ਕਰਕੇ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਵਾਰ ਬਾਬੂ ਰਜਬ ਅਲੀ ਚੇਤੇ ਕਰਵਾ ਦਿੱਤਾ। ਇਸ ਤਰ੍ਹਾਂ ਕਵੀ ਦਰਬਾਰ ਸਿੱਖਰਾਂ ਛੂਹਦਾ ਸੰਪੰਨ ਹੋਇਆ। ਇਸ ਮੌਕੇ ਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਸੀ। ਡਾ. ਅਸ਼ਵਨੀ ਕੁਮਾਰ ਸ਼ਰਮਾ, ਜਗਪਾਲ ਸਿੰਘ, ਆਈ.ਏ.ਐਫ. ਰਿਟਾ. ਅਤੇ ਹੋਰਾਂ ਨੇ ਲੰਮਾ ਸਮਾਂ ਕਵੀ ਦਰਬਾਰ ਦੀ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਦੇਰ ਤੱਕ ਚੱਲੇ ਇਸ ਤ੍ਰੈ-ਰੰਗੀ ਸਮਾਗਮ ਦਾ ਮੰਚ ਸੰਚਾਲਕ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ।
Comments
Post a Comment