ਅੰਮ੍ਰਿਤਸਰ , 27 ਜਨਵਰੀ ( ਦਿਲਰਾਜ ਸਿੰਘ ਦਰਦੀ ) :- ਸਾਹਿਤਕ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਭਗਤ ਨਾਰਾਇਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਪੈਂਹਠ ਵਰ੍ਹਿਆਂ ਦੇ ਸਨ। ਪਿਛਲੇ ਦਿਨੀਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਹੜਾ ਉਹਨਾਂ ਲਈ ਜਾਨਲੇਵਾ ਸਾਬਤ ਹੋਇਆ ਸੀ। ਉਹਨਾਂ ਦੇ ਵਿਦੇਸ਼ ਰਹਿੰਦੇ ਸਪੁੱਤਰ ਦੇ ਵਾਪਸ ਪਰਤਣ 'ਤੇ ਅਜ ਉਹਨਾਂ ਦਾ ਅੰਤਿਮ ਸੰਸਕਾਰ ਦੁਰਗਿਆਣਾ ਮੰਦਰ ਸਮਸ਼ਾਨ ਘਾਟ ਵਿਖੇ ਅਜ ਬਾਅਦ ਦੁਪਹਿਰ ਕੀਤਾ ਗਿਆ। ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਮਹਿਕਮਾ ਮਾਲ ਤੋਂ ਕਾਨੂੰਗੋ ਦੇ ਅਹੁਦੇ ਤੋਂ ਫਾਰਗ ਹੋਏ ਭਗਤ ਨਾਰਾਇਣ ਹੁਰਾਂ ਵਲੋਂ ਦੋ ਪੁਸਤਕਾਂ "ਮੈਂ ਤੇ ਅਕਾਸ਼" ਅਤੇ ਕੈਨਵਸ ਅਤੇ ਖਵਾਬ" ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹ ਕਵਿਤਾ ਵਿਚ ਜਿਥੇ ਧਰਤੀ, ਪਾਣੀ ਅਤੇ ਹਵਾ ਦੇ ਗੰਧਲਾ ਹੋਣ ਦੀ ਚਿੰਤਾ ਕਰਦੇ ਸਨ ਉਥੇ ਉਹ ਬਜੁਰਗਾਂ ਦੀ ਇਕੱਲਤਾ ਅਤੇ ਰਿਸ਼ਤਿਆਂ ਅੰਦਰ ਪਨਪਦੇ ਕੁਸੈਲੇ ਪਨ ਨੂੰ ਅਕਸਰ ਭੰਡਦੇ ਸਨ। ਉਹਨਾਂ ਦੇ ਕਰੀਬੀ ਮਿੱਤਰ ਬੀ ਡੀ ਭਗਤ ਹੁਰਾਂ ਦੀ ਜਾਣਕਾਰੀ ਅਨੁਸਾਰ ਭਗਤ ਨਾਰਾਇਣ ਹੁਰਾਂ ਦੀ ਰਸਮ ਕਿਰਿਆ 31 ਜਨਵਰੀ ਬਾਅਦ ਦੁਪਹਿਰ ਗੁਰਦੁਆਰਾ ਮਹਿਲ ਬੁਖਾਰੀ ਮਜੀਠਾ ਰੋਡ ਵਿਖੇ ਹੋਵੇਗੀ। ਉਹਨਾਂ ਦੇ ਬੇਵਕਤੀ ਤੁਰ ਜਾਣ ਤੇ ਧਰਵਿੰਦਰ ਔਲਖ, ਮੁਖਤਾਰ ਗਿੱਲ, ਜਗਤਾਰ ਗਿੱਲ, ਐਸ ਪਰਸ਼ੋਤਮ, ਪੰਕਜ ਸਿੰਘ, ਡਾ ਮੋਹਨ, ਸਰਬਜੀਤ ਸੰਧੂ, ਹਰਜੀਤ ਸਿੰਘ, ਵਜੀਰ ਸਿੰਘ ਰੰਧਾਵਾ, ਮਨਮੋਹਨ ਢਿੱਲੋਂ, ਡਾ ਬਲਜੀਤ ਢਿੱਲੋਂ ਡਾ ਹੀਰਾ ਸਿੰਘ, ਦਿਲਰਾਜ ਸਿੰਘ ਦਰਦੀ,ਸ਼ੁਕਰਗੁਜ਼ਾਰ ਸਿੰਘ ਅਤੇ ਪ੍ਰਿੰ ਕੁਲਵੰਤ ਸਿੰਘ ਅਣਖੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Comments
Post a Comment