ਲੁਧਿਆਣਾ, 5 ਜਨਵਰੀ( ਅੰਜੂ ਅਮਨਦੀਪ ਗਰੋਵਰ ) ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵਿਖੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਉਪਰੰਤ ਧੁੱਪ ਵਿੱਚ ਮਹਿਫ਼ਲ ਸਜਾਉਣ ਦਾ ਸਬੱਬ ਬਣਿਆ ਜਿਸ ਵਿੱਚ ਅਕੈਡਮੀ ਦੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਰਚਿਤ ਕਾਵਿ-ਸੰਗ੍ਰਹਿ 'ਚਾਨਣ ਵੰਡਦੀ ਕਹਿਕਸ਼ਾਂ' ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਨੇ ਕਿਹਾ ਕਿ ਡਾ.ਗੁਰਚਰਨ ਕੌਰ ਕੋਚਰ ਦੀ ਕਲਮ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਨਿਰੰਤਰ ਚੱਲ ਰਹੀ ਹੈ। ਉਸ ਦੀ ਸ਼ਾਇਰੀ ਹਾਸ਼ੀਏ ਵੱਲ ਧੱਕੇ ਗਏ ਲੋਕਾਂ ਦੀ ਬਾਤ ਪਾਉਂਦੀ ਹੈ। ਦਲੇਰੀ ਅਤੇ ਬੇਬਾਕੀ ਨਾਲ ਲਿਖੀਆਂ ਗਈਆਂ ਉਸ ਦੀਆਂ ਰਚਨਾਵਾਂ ਵਿੱਚ ਅਜੋਕੀ ਵਿਵਸਥਾ 'ਤੇ ਕੀਤੇ ਗਏ ਤਿੱਖੇ ਵਿਅੰਗ ਵੀ ਪੜ੍ਹਨ ਨੂੰ ਮਿਲਦੇ ਹਨ। ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ.ਕੋਚਰ ਦੀ ਸ਼ਾਇਰੀ ਲੋਕ-ਪੱਖੀ ਸ਼ਾਇਰੀ ਹੈ ਜੋ ਨਰੋਏ ਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਲੋਚਦੀ ਹੈ। ਪੰਜਾਬੀ ਸਾਹਿਤ ਅਕੈਡਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੋਚਰ ਦੀ ਸ਼ਾਇਰੀ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਨਕਾਰਦੀ ਹੋਈ ਉਹਨਾਂ ਰਸਮਾਂ -ਰਿਵਾਜਾਂ ਨੂੰ ਮੰਨਣ ਤੋਂ ਇਨਕਾਰੀ ਹੈ ਜੋ ਔਰਤ ਨੂੰ ਗੁਲਾਮ ਬਣਾਉਂਦੇ ਹਨ। ਇਸ ਮੌਕੇ ਡਾ. ਕੋਚਰ ਨੇ ਆਪਣੇ ਸਾਹਿਤਕ ਸਫ਼ਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੱਥਲੇ ਕਾਵਿ-ਸੰਗ੍ਰਹਿ ਸਮੇਤ ਉਸ ਦੀਆਂ ਹੁਣ ਤੱਕ 17 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਪੰਜ ਗ਼ਜ਼ਲ- ਸੰਗ੍ਰਹਿ, ਹੱਥਲਾ ਕਾਵਿ- ਸੰਗ੍ਰਹਿ, ਦੋ ਨਿਬੰਧ ਸੰਗ੍ਰਹਿ, ਤਿੰਨ ਸੰਪਾਦਿਤ ਅਤੇ ਚਾਰ ਅਨੁਵਾਦਿਤ ਪੁਸਤਕਾਂ ਤੋਂ ਇਲਾਵਾ
ਡਾ.ਬਲਦੇਵ ਸਿੰਘ ਬੱਦਨ ਜੀ ਦੁਆਰਾ ਸੰਪਾਦਿਤ ਕੀਤੀ ਗਈ 'ਡਾ.ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ' ਅਤੇ ਲਾਹੌਰ (ਪਾਕਿਸਤਾਨ) ਤੋਂ ਸ਼ਾਹਮੁਖੀ ਵਿੱਚ ਛਪੀ 'ਗ਼ਜ਼ਲ ਅਸ਼ਰਫ਼ੀਆਂ' ਪੁਸਤਕਾਂ ਸ਼ਾਮਿਲ ਹਨ। ਡਾ.ਕੋਚਰ ਨੇ ਆਪਣੇ ਕਾਵਿ ਸੰਗ੍ਰਹਿ ਵਿੱਚੋਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਅਵਸਰ 'ਤੇ 'ਕੋਚਰ' ਨੂੰ ਵਧਾਈ ਦੇਣ ਵਾਲਿਆਂ ਵਿੱਚ ਡਾ.ਗੁਰਇਕਬਾਲ, ਸੁਰਿੰਦਰ ਕੈਲੇ ਮਨਦੀਪ ਕੌਰ ਭੰਮਰਾ, ਤ੍ਰੈਲੋਚਨ ਲੋਚੀ,ਜਸਵੀਰ ਝੱਜ, ਨਰਿੰਦਰਪਾਲ ਕੌਰ, ਸੁਰਿੰਦਰ ਦੀਪ, ਪ੍ਰਿੰਸੀਪਲ ਇੰਦਰਜੀਤਪਾਲ ਕੌਰ,ਜਨਮੇਜਾ ਸਿੰਘ ਜੌਹਲ, ਸੰਜੀਵਨ ਸਿੰਘ,ਡਾ.ਸੰਤੋਖ ਸਿੰਘ ਸੁੱਖੀ,ਡਾ. ਹਰਜਿੰਦਰ ਸਿੰਘ ਆਦਿ ਲੇਖਕ ਸ਼ਾਮਲ ਸਨ।
Comments
Post a Comment