ਬਰੈਂਪਟਨ , ( ਅੰਜੂ ਅਮਨਦੀਪ ਗਰੋਵਰ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫ਼ਾਊਂਡਰ ਰਮਿੰਦਰ ਵਾਲੀਆ ਰੰਮੀ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “ ਦਾ ਆਨਲਾਈਨ ਆਯੋਜਨ 2 ਦਸੰਬਰ ਸੋਮਵਾਰ ਨੂੰ ਕੀਤਾ ਗਿਆ । ਸਿਰਜਣਾ ਦੇ ਆਰ ਵਿੱਚ ਪ੍ਰਸਿੱਧ ਚਿੰਤਕ ਡਾ. ਭੀਮਇੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰਸਿੱਧ ਲੇਖਿਕਾ ਸੁਰਜੀਤ (ਸਰਪ੍ਰਸਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ) ਨੇ ਡਾ . ਭੀਮਇੰਦਰ ਜੀ ਦਾ ਸਵਾਗਤ ਕਰਦਿਆਂ ਉਸਦੀ ਸ਼ਖਸੀਅਤ ਨੂੰ ਸਭ ਲਈ ਪ੍ਰੇਰਨਾਦਾਇਕ ਦੱਸਿਆ। ਡਾ ਭੀਮਇੰਦਰ ਸਿੰਘ ਦੀ ਜੀਵਨ ਯਾਤਰਾ ਬਾਰੇ ਪ੍ਰੋ .ਕੁਲਜੀਤ ਕੌਰ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ . ਭੀਮਇੰਦਰ ਸਿੰਘ ਨੇ ਆਪਣੇ ਬਚਪਨ ਦੀਆਂ ਔਕੜਾਂ ਮਾਂ ਦੇ ਛੇਤੀ ਚਲਾਣਾ ਕਰ ਜਾਣ ਤੋਂ ਬਾਅਦ ਜੀਵਨ ਵਿਚ ਖਾਲੀਪਣ,ਵੱਖ ਵੱਖ ਸਕੂਲਾਂ ਵਿਚ ਦਾਖਲਾ ਲੈਣਾ, ਮੁਢਲੀ ਪੜ੍ਹਾਈ ਵਿਚ ਸਰੋਤਾਂ ਅਤੇ ਸਾਧਨਾਂ ਦੀ ਕਮੀਂ, ਫਿਰ ਆਪਣੇ ਨਾਨਕੇ ਦਾਦਕੇ ਪਰਿਵਾਰ ਦੀ ਮਦਦ ਨਾਲ ਪੜਾਈ ਕਰਨਾ ਆਪਣੇ ਵਿਸ਼ੇਸ਼ ਯਤਨਾਂ ਨਾਲ ਉੱਚ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਯਾਦਵਿੰਦਰਾ ਪਬਲਿਕ ਸਕੂਲ ਦਾ ਪ੍ਰਿੰਸੀਪਲ ਬਣਨ ਤੋਂ ਬਾਅਦ ਯੂਨੀਵਰਸਿਟੀ ਵਿੱਚ ਅਧਿਆਪਨ ਅਤੇ ਉੱਚ ਅਹੁਦਿਆਂ ਤੱਕ ਦੇ ਚੁਨੌਤੀਆਂ ਭਰੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਹ ਵਰਨਣਯੋਗ ਹੈ ਕਿ ਡਾ.ਭੀਮਇੰਦਰ ਸਿੰਘ ਬਤੌਰ ਵਿਦਵਾਨ ਪੰਜਾਬੀ ਕਹਾਣੀ ਖੇਤਰ ਵਿੱਚ ਬਹੁਤ ਗੰਭੀਰਤਾ ਨਾਲ ਚਿੰਤਨ ਕਰਨ ਵਾਲੇ ਚਿੰਤਕ ਹਨ। ਉਹਨਾਂ ਨੇ ਮੌਲਿਕ ਖੋਜ ਆਧਾਰਿਤ ਪੁਸਤਕਾਂ ਸਾਹਿਤ, ਸਮਾਜ ਅਤੇ ਸਿਆਸਤ, ਪੰਜਾਬੀ ਕਹਾਣੀ ਦੇ ਸਿਆਸੀ ਸਰੋਕਾਰ, ਮਾਰਕਸਵਾਦ ਅਤੇ ਨਵ ਮਾਰਕਸਵਾਦ , ਸਮਕਾਲੀ ਸਰੋਕਾਰ ਅਤੇ ਸਾਹਿਤ ਬਾਰੇ ਆਦਿ ਪੁਸਤਕਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਸੰਪਾਦਨ ਅਤੇ ਅਨੁਵਾਦ ਨਾਲ ਸਬੰਧਤ ਕਾਰਜ ਵੀ ਕੀਤਾ। ਪੰਜਾਬੀ ਮੈਗਜ਼ੀਨ ਸਰੋਕਾਰ ਦੇ ਆਨਰੇਰੀ ਸੰਪਾਦਕ ਦੇ ਤੌਰ ਤੇ ਲੰਮਾ ਅਰਸਾ ਕਾਰਜ ਭਾਗ ਸੰਭਾਲਿਆ।
ਦਲਿਤ ਚਿੰਤਨ, ਮਾਰਕਸਵਾਦ, ਪਾਸ਼ ਦੇ ਕਾਵਿ ਦੀ ਸਾਰਥਕਤਾ, ਈਸ਼ਵਰ ਚਿੱਤਰਕਾਰ ਬਾਰੇ ਆਪਨੇ ਵਿਸ਼ੇਸ਼ ਖੋਜ ਅਤੇ ਚਿੰਤਨ ਦਾ ਕਾਰਜ ਕੀਤਾ। ਇਸ ਤੋਂ ਇਲਾਵਾ ਕਰੀਬ ਦੋ ਦਰਜਨ ਪ੍ਰਕਾਸ਼ਤ ਖੋਜ—ਪੱਤਰ ਅਤੇ 30 ਦੇ ਕਰੀਬ ਵੱਖ ਵੱਖ ਕਾਨਫਰੰਸਾਂ ਤੇ ਸਭਾਵਾਂ ਵਿੱਚ ਪੜੇ ਗਏ ਖੋਜ ਪੱਤਰ ਵੀ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਹਨ।ਪੰਜਾਬੀ ਮਾਰਕਸਵਾਦੀ ਸਾਹਿਤ ਚਿੰਤਕਾਂ ਵਿੱਚ ਡਾ. ਭੀਮ ਇੰਦਰ ਸਿੰਘ ਦਾ ਨਾਂ ਵਿਸ਼ੇਸ਼ ਉਲੇਖਯੋਗ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਮਿਲੇ ਮਾਨਾਂ ਸਨਮਾਨਾਂ ਨੇ ਜਿਥੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਹੈ ਉਥੇ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਇਆ ਹੈ। ਉਹਨਾਂ ਆਪਣੀ ਜੀਵਨ ਸਾਥਣ ਸੰਗੀਤ ਖੇਤਰ ਦੇ ਮਾਹਿਰ ਡਾ . ਨਿਵੇਦਿਤਾ ਸਿੰਘ ਦਾ ਆਪਣੀ ਸਫਲਤਾ ਅਤੇ ਪ੍ਰਾਪਤੀਆਂ ਵਿੱਚ ਵਿਸ਼ੇਸ਼ ਸਹਿਯੋਗ ਦੱਸਿਆ। ਇਹ ਵਰਨਣਯੋਗ ਹੈ ਕਿ ਪ੍ਰੋਗਰਾਮ ਦੇ ਦੌਰਾਨ ਪ੍ਰੋ ਜਾਗੀਰ ਸਿੰਘ ਕਾਹਲੋਂ , ਡਾ. ਗੁਰਜੰਟ ਸਿੰਘ,ਡਾ. ਅਨੀਸ਼ ਗਰਗ,ਡਾ . ਨਵਰੂਪ ,ਪਿਆਰਾ ਸਿੰਘ ਗਹਿਲੋਤੀ , ਡਾ . ਕੰਵਲਜੀਤ ਕੌਰ ਗਿੱਲ ਨੇ ਬਹੁਤ ਸੰਜੀਦਾ ਕਿਸਮ ਦੇ ਪ੍ਰਸ਼ਨ ਪੁੱਛੇ ਵਰਤਮਾਨ ਸਮੇਂ ਸਰਮਾਏਦਾਰੀ ਸ਼ਕਤੀਆਂ, ਵਿਸ਼ਵੀਕਰਨ ਅਤੇ ਹੋਰ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਇਹਨਾਂ ਦਰਸ਼ਕਾਂ ਵਲੋਂ ਪੁੱਛੇ ਪ੍ਰਸ਼ਨਾਂ ਦੇ ਇਕੱਲੇ ਇਕੱਲੇ ਅਤੇ ਤਸੱਲੀਬਖ਼ਸ਼ ਜਵਾਬ ਡਾ . ਭੀਮਇੰਦਰ ਸਿੰਘ ਜੀ ਨੇ ਦਿੱਤੇ। ਉਹਨਾਂ ਨੇ ਇਹ ਵੀ ਕਿਹਾ ਕਿ ਸੰਵਾਦ ਰਚਾਉਂਦੇ ਰਹਿਣਾ ਚਾਹੀਦਾ ਹੈ । ਆਪਣੀ ਭਾਸ਼ਾ ਤੋਂ ਬਿਨਾ ਕੋਈ ਵੀ ਤੱਰਕੀ ਨਹੀਂ ਕਰ ਸਕਦਾ , ਆਪਣੀ ਭਾਸ਼ਾ ਨੂੰ ਪਿਆਰ ਕਰੋ ਤੇ ਉਸਦਾ ਸਤਿਕਾਰ ਕਰੋ । ਪ੍ਰੋਗਰਾਮ ਦੇ ਅੰਤ ਵਿੱਚ ਸ. ਪਿਆਰਾ ਸਿੰਘ ਕੁੱਦੋਵਾਲ ਜੀ (ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ )ਨੇ ਇਸ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਇਹ ਕਿਹਾ ਕਿ ਇਸ ਮੰਚ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਡਾ . ਭੀਮਇੰਦਰ ਸਿੰਘ ਜੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਆਏ । ਪ੍ਰੋ. ਕੁਲਜੀਤ ਜੀ ਬਾਰੇ ਪਿਆਰਾ ਸਿੰਘ ਜੀ ਨੇ ਇਹ ਕਿਹਾ ਕਿ ਵਕਤਾ ਇਹਨਾਂ ਸਾਹਮਣੇ ਆਪਣੇ ਆਪ ਹੀ ਸੱਭ ਕੁਝ ਸੱਚ ਦੱਸ ਦਿੰਦੇ ਹਨ । ਡਾ . ਭੀਮਇੰਦਰ ਜੀ ਬਾਰੇ ਪਿਆਰਾ ਸਿੰਘ ਜੀ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਮਾਰਕਸਵਾਦ ਤੇ ਗੁਰਬਾਣੀ ਤੇ ਡੂੰਘਾ ਅਧਿਆਨ ਕੀਤਾ ਹੋਇਆ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਇਨਸਾਨ ਅਗਰ ਸੰਗ੍ਰਸ਼ਮਈ ਜੀਵਨ ਵਿੱਚੋਂ ਨਿਕਲ ਕੇ ਆਉਂਦਾ ਹੈ ਤਾਂ ਉਹ ਜ਼ਰੂਰ ਕਾਮਯਾਬ ਹੁੰਦਾ ਹੈ । ਪਿਆਰਾ ਸਿੰਘ ਜੀ ਨੇ ਅੱਜ ਦੀ ਇਸ ਮੀਟਿੰਗ ਸਿਰਜਨਾ ਦੇ ਆਰ ਪਾਰ ਵਿੱਚ ਮਹਿਮਾਨ ਡਾ . ਭੀਮਇੰਦਰ ਸਿੰਘ ਜੀ ਦੀ ਗੰਲਬਾਤ ਨੂੰ ਨੂੰ ਬਹੁਤ ਹੀ ਪ੍ਰੇਰਨਾਦਾਇਕ ਦੱਸਿਆ ਤੇ ਕਿਹਾ ਕਿ ਬਹੁਤ ਸਫ਼ਲ ਮੀਟਿੰਗ ਰਹੀ ਹੈ । ਆਖੀਰ ਵਿੱਚ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ । ਰਿੰਟੂ ਭਾਟੀਆ , ਡਾ . ਬਲਜੀਤ ਕੌਰ ਰਿਆੜ , ਸੁਖਦੇਵ ਸਿੰਘ ਝੰਡ , ਡਾ . ਪੁਸ਼ਵਿੰਦਰ ਕੌਰ , ਹਰਭਜਨ ਗਿੱਲ , ਗੁਰਦੀਪ ਕੌਰ ਜੰਡੂ , ਡਾ . ਦਵਿੰਦਰ ਕੌਰ , ਪਾਲ ਜਲੰਧਰੀ , ਡਾ . ਅਮਰ ਜੋਤੀ ਮਾਂਗਟ ਤੇ ਮਿਸਟਰ ਜਗਦੀਪ ਮਾਂਗਟ , ਮਹਿੰਦਰ ਕੌਰ ਕਟਾਰੀਆ , ਸੁਰਿੰਦਰ ਸੂਰ , ਰਵਿੰਦਰ ਸਿੰਘ , ਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ । ਰਮਿੰਦਰ ਰੰਮੀ ਨੇ ਸੱਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ “ ਤੁਸੀਂ ਘਰ ਅਸਾਡੇ ਆਏ , ਅਸੀਂ ਫੁਲੇ ਨਹੀਂ ਸਮਾਏ “ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਹੀ ਇਹ ਸਫ਼ਲ ਪ੍ਰੋਗਰਾਮ ਹੋ ਰਹੇ ਹਨ । ਡਾ . ਭੀਮਇੰਦਰ ਸਿੰਘ ਜੀ ਬਹੁਤ ਹੀ ਹਲੀਮੀ ਵਾਲੇ , ਮਿੱਠਬੋਲੜੇ ਇਨਸਾਨ ਹਨ । ਅਸੀਂ ਵੱਡਭਾਗੀ ਹਾਂ ਸਾਡੇ ਛੋਟੇ ਜਿਹੇ ਸੱਦੇ ਤੇ ਇਸ ਮੰਚ ਤੇ ਆਏ । ਮੈਂ ਸ਼ੁਕਰਗੁਜ਼ਾਰ ਹਾਂ ਡਾ . ਭੀਮਇੰਦਰ ਸਿੰਘ ਜੀ ਦੀ । ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਅਲੱਗ ਅੰਦਾਜ਼ ਵਿੱਚ ਤੇ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ ।
Comments
Post a Comment