ਸਫ਼ਰ-ਏ-ਸ਼ਹਾਦਤ ਸਮਾਗਮਾਂ ਤਹਿਤ ਗੁਰਦੁਆਰਾ ਨਾਗੀਆਣਾ ਸਾਹਿਬ (ਉੱਦੋਕੇ) ਵਿਖੇ ਭਾਰੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ
ਜੰਡਿਆਲਾ ਗੁਰੂ, 22 ਦਿਸੰਬਰ (ਸ਼ੁਕਰਗੁਜ਼ਾਰ ਸਿੰਘ)- ਸ਼ਹੀਦੀ ਪੰਦਰਵਾੜੇ ਦੌਰਾਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਗੜ੍ਹੀ ਚਮਕੌਰ 'ਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਫ਼ਰ-ਏ-ਸ਼ਹਾਦਤ ਗੁਰਮਤਿ ਸਮਾਗਮ ਤੇ ਕਵੀ ਦਰਬਾਰ ਮਿਤੀ 22 ਦਿਸੰਬਰ ਦਿਨ ਐਤਵਾਰ ਨੂੰ ਸਥਾਨਕ ਕਸਬੇ ਦੇ ਨੇੜਲੇ ਪਿੰਡ ਉੱਦੋਕੇ ਵਿਖੇ ਸਥਿਤ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਗੁਰਮਤਿ ਸੰਗੀਤ ਅਕੈਡਮੀ (ਉੱਦੋਕੇ) ਵੱਲੋਂ ਕਰਵਾਇਆ ਗਿਆ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ। ਇਸ ਸਮਾਗਮ ਦੌਰਾਨ ਭਾਈ ਅਜੀਤ ਸਿੰਘ ਜੀ,ਭਾਈ ਸਹਿਜਬੀਰ ਸਿੰਘ,ਭਾਈ ਸ਼ਮਸ਼ੇਰ ਸਿੰਘ ਅਤੇ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਬੱਚਿਆਂ ਨੇ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ। ਕਥਾਵਾਚਕ ਭਾਈ ਰਾਜਪਾਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਸੰਗਤ ਨੂੰ ਸ਼ਹੀਦੀ ਸਾਕੇ ਦੇ ਇਤਿਹਾਸ ਨਾਲ ਜੋੜਿਆ। ਉਪਰੰਤ ਜਥੇਦਾਰ ਬਾਬਾ ਮੇਹਰ ਸਿੰਘ ਸੋਢੀ ਜੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਵਿਸ਼ੇਸ਼ ਕਵੀ ਦਰਬਾਰ ਤਹਿਤ ਪੰਥਕ ਕਵੀ ਭਾਈ ਬਲਬੀਰ ਸਿੰਘ ਕਮਲ (ਦਸੂਹਾ) ਬੀਬੀ ਮਨਜੀਤ ਕੌਰ ਪਹੁਵਿੰਡ, ਡਾ. ਸੁਖਜਿੰਦਰ ਕੌਰ (ਪਠਾਨਕੋਟ) ਐਡਵੋਕੇਟ ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ) ਨੇ ਕਾਵਿ ਰੂਪ ਗੁਰੂ ਉਸਤਤ ਕਰਦਿਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਗੜ੍ਹੀ ਚਮਕੌਰ ਸਾਹਿਬ ਤੋਂ ਲੈਕੇ ਸਰਹੰਦ ਦਾ ਸਫ਼ਰ ਕਰਵਾਇਆ। ਸਟੇਜ ਸਕੱਤਰ ਦੀਆਂ ਸੇਵਾਵਾਂ ਭਾਈ ਲਖਵਿੰਦਰ ਸਿੰਘ ਜੀ ਉੱਦੋਕੇ ਨੇ ਨਿਭਾਈਆਂ। ਸੰਤ ਬਾਬਾ ਕਵਲਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਨਾਗੀਆਣਾ ਸਾਹਿਬ (ਉੱਦੋਕੇ), ਭਾਈ ਰਾਮ ਸਿੰਘ ਜੀ (ਯੂ.ਕੇ.), ਭਾਈ ਸ਼ਮਸ਼ੇਰ ਸਿੰਘ ਉੱਦੋਕੇ ਜੀ ਨੂੰ ਦੇਸ਼ ਦੇ ਮੌਜੂਦ ਪੰਥਕ ਕਵੀਆਂ ਵੱਲੋਂ ਉਹਨਾਂ ਦੀਆਂ ਪ੍ਰਚਾਰਕ ਸੇਵਾਵਾਂ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ, ਸ਼੍ਰੀ ਸਾਹਿਬ, ਗੁਰੂ ਘਰ ਦੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਅਖੀਰ ਸੰਤ ਬਾਬਾ ਕਵਲਜੀਤ ਸਿੰਘ ਜੀ ਨੇ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਗੁਰਮਤਿ ਸੰਗੀਤ ਅਕੈਡਮੀ ਦੇ ਸਾਰੇ ਸੇਵਾਦਾਰਾਂ ਦਾ ਸਮਾਗਮ ਉਲੀਕਣ ਤੋਂ ਲੈਕੇ ਸੰਪੰਨ ਹੋਣ ਤੱਕ ਨਿਭਾਈਆਂ ਸੇਵਾਵਾਂ ਲਈ ਅਤੇ ਸਮਾਗਮ 'ਚ ਪਹੁੰਚੇ ਪ੍ਰਚਾਰਕਾਂ, ਰਾਗੀਆਂ,ਕਵੀਆਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
(ਇਨਸੈੱਟ- ਸੰਤ ਬਾਬਾ ਕਵਲਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਜੀ ਨੂੰ ਸਨਮਾਨਿਤ ਕਰਦਿਆਂ ਦੀ ਤਸਵੀਰ)
Comments
Post a Comment