ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਕਰ ਰਿਹਾ ਹੈ ਜਾਗਰੂਕ-ਪੰਨੂ


ਖਡੂਰ ਸਾਹਿਬ ਅਤੇ ਇਸ ਦੇ ਆਸ ਪਾਸ ਕਿਤੇ ਵੀ ਗੁਲਾਬੀ ਸੁੰਡੀ ਦਾ ਪ੍ਰਭਾਵ ਨਹੀਂ- ਡਾਕਟਰ ਨਵਤੇਜ ਸਿੰਘ 



ਖਡੂਰ ਸਾਹਿਬ (ਯਾਦਵਿੰਦਰ ਯਾਦਾ) 21 ਦਿਸੰਬਰ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰੀ ਟੀਮਾਂ ਰਾਹੀਂ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਫ਼ਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਦੁਆਰਾ ਆਪਣੀ ਟੀਮ ਨੂੰ ਲੈ ਕੇ ਕਿਸਾਨ ਬਲਜਿੰਦਰ ਸਿੰਘ, ਗੁਰਸ਼ਰਨ ਸਿੰਘ, ਨਵਪ੍ਰੀਤ ਸਿੰਘ ਤੇ ਹੋਰ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕਣਕ ਦੀ ਅਗੇਤੀ ਫ਼ਸਲ ਬੀਜੀ ਗਈ ਹੈ, ਇਨ੍ਹਾਂ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਆ ਰਿਹਾ ਹੈ, ਜਦ ਕਿ ਪਿਛੇਤੀ ਬੀਜ਼ੀ ਫਸਲ ਵਿੱਚ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਮਿਲਾਉਣ ਦਾ ਗੁਲਾਬੀ ਸੁੰਡੀ ਦੇ ਹਮਲੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਗੁਲਾਬੀ ਸੁੰਡੀ ਦਾ ਹਮਲਾ ਫ਼ਸਲਾਂ ਦੇ ਨਾੜ ਨੂੰ ਅੱਗ ਲਗਾ ਕੇ ਬੀਜੀ ਗਈ ਕਣਕ ਉੱਪਰ ਵੀ ਪਾਇਆ ਜਾ ਰਿਹਾ ਹੈ । ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਜਿੱਥੇ ਕਿਤੇ ਵੀ ਗੁਲਾਬੀ ਸੁੰਡੀ ਦਾ ਪ੍ਰਭਾਵ ਨਜ਼ਰ ਆਵੇ ਉਥੇ 1200 ਮਿਲੀ ਲੀਟਰ ਕਲੋਰੋਪੈਰੀਫਾਸ ਜਾਂ ਫਿਰ 7 ਕਿਲੋ ਰੀਜੈਂਟ ਰੇਤਾ ਵਿੱਚ ਰਲਾ ਕੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਦੇ ਦਿੱਤਾ ਜਾਵੇ ਇਸ ਨਾਲ ਗੁਲਾਬੀ ਸੁੰਡੀ ਉੱਪਰ ਕੰਟਰੋਲ ਹੋ ਜਾਵੇਗਾ । ਉਨਾਂ ਨੇ ਕਿਹਾ ਕਿ ਕਿਸਾਨ ਆਪਣੇ ਲਾਗੇ ਦੇ ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਫਾਰਮ ਸੇਵਾ ਅਤੇ ਸਲਾਹਕਾਰ ਕੇਂਦਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ ।

Comments