ਉੱਤਰੀ ਭਾਰਤ ਜ਼ੋਨ ਮੁਕਾਬਲਿਆਂ ਵਿੱਚ ਪ੍ਰਭ ਆਸਰਾ, ਕੁਰਾਲ਼ੀ ਦੇ ਬੱਚਿਆਂ ਅਲੱਗ ਤੋਂ ਖ਼ਾਸ ਨੇ ਜਿੱਤੇ 27 ਤਮਗੇ

06 ਸੋਨੇ, 16 ਚਾਂਦੀ ਅਤੇ 05 ਕਾਂਸੇ ਦੇ ਤਮਗਿਆਂ ਨਾਲ਼ ਮੱਲੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ

ਕੁਰਾਲ਼ੀ, 17 ਦਸੰਬਰ (  ਅੰਜੂ ਅਮਨਦੀਪ ਗਰੋਵਰ ): ਸ਼ਪੈਸ਼ਲ ਓਲੰਪਿਕ ਭਾਰਤ (ਪੰਜਾਬ) ਵੱਲੋਂ ਅਲੱਗ ਤੋਂ ਖ਼ਾਸ ਬੱਚਿਆਂ ਦੀਆਂ ਉੱਤਰੀ ਭਾਰਤ ਜ਼ੋਨ ਪੱਧਰੀ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਜਿੱਥੇ ਦੌੜਾਂ, ਤੇਜ ਚਾਲ, ਗੋਲ਼ਾ ਸੁੱਟਣਾ, ਨੇਜੇਬਾਜੀ, ਲੰਮੀ ਛਾਲ਼, ਸਾਈਕਲਿੰਗ, ਰੋਲਰ-ਸਕੇਟਿੰਗ ਆਦਿ ਦੇ ਫਸਵੇਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਤੋਂ ਆਏ ਮੁਕਾਬਲੇਬਾਜ਼ਾਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਦੀ ਅਗਵਾਈ ਵਿੱਚ ਕਾਰਜਸ਼ੀਲ ਸੰਸਥਾ ਪ੍ਰਭ ਆਸਰਾ, ਕੁਰਾਲ਼ੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 06 ਸੋਨੇ, 16 ਚਾਂਦੀ ਤੇ 05 ਕਾਂਸੇ ਦੇ ਤਮਗਿਆਂ ਸਮੇਤ ਕੁੱਲ 27 ਤਮਗੇ ਜਿੱਤੇ। ਸਮਾਗਮ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਉਚੇਚੇ ਤੌਰ 'ਤੇ ਵਿਸ਼ੇਸ਼ ਤੋਹਫਿਆਂ ਨਾਲ਼ ਨਿਵਾਜਦਿਆਂ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ ਗਈਆਂ। ਟੀਮ ਦੇ ਵਾਪਸ ਸੰਸਥਾ ਪਹੁੰਚਣ' ਤੇ ਸੰਸਥਾ ਸੰਚਾਲਕਾਂ ਵੱਲੋਂ ਸਭਨਾਂ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵੱਲੋਂ ਆਪਣੇ ਖਿਡਾਰੀਆਂ ਲਈ ਉਚੇਚੇ ਤੌਰ 'ਤੇ ਕੋਚਾਂ, ਸਾਜੋ-ਸਾਮਾਨ ਅਤੇ ਵਿਸ਼ੇਸ਼ ਖੁਰਾਕ ਦੇ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮੁੱਖ ਪ੍ਰਬੰਧਕਾਂ ਵੱਲੋਂ ਸਮੇਂ ਸਮੇਂ 'ਤੇ ਖੁਦ ਇਹਨਾਂ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਵਿਸ਼ੇਸ਼ ਮਿਲਣੀਆਂ ਕੀਤੀਆਂ ਜਾਂਦੀਆਂ ਹਨ।

Comments