ਜੰਡਿਆਲਾ ਗੁਰੂ, 18 ਦਿਸੰਬਰ (ਸ਼ੁਕਰਗੁਜ਼ਾਰ ਸਿੰਘ)- ਦੇਸ਼ ਦੀ ਸਥਾਪਿਤ ਧਾਰਮਿਕ ਸੰਸਥਾ ਸੰਤ ਸਿਪਾਹੀ ਵਿਚਾਰ ਮੰਚ ਦਿੱਲੀ ਦੇ ਆਲ ਇੰਡੀਆ ਕੋਆਰਡੀਨੇਟਰ ਭਾਈ ਸਾਹਿਬ ਭਾਈ ਹਰੀ ਸਿੰਘ ਮਥਾਰੂ ਕਲੰਡਰੀ ਇਤਿਹਾਸਿਕ ਤਰੀਕਾਂ ਦੇ ਪ੍ਰਚਾਰ - ਪ੍ਰਸਾਰ ਤਹਿਤ ਜੰਡਿਆਲਾ ਗੁਰੂ ਪਹੁੰਚੇ ਜਿਥੇ ਓਹਨਾਂ ਸਥਾਨਕ ਕਸਬੇ ਅਤੇ ਆਸ ਪਾਸ ਦੇ ਕਈ ਧਾਰਮਿਕ ਸਖਸ਼ੀਅਤਾਂ ਨਾਲ ਮੁਲਾਕਾਤ ਕੀਤੀ ਅਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕਲੰਡਰੀ ਇਤਿਹਾਸ ਮੁਤਾਬਿਕ ਸਿੱਖ ਗੁਰੂ ਸਾਹਿਬਾਨ ਦੇ ਵੱਖ ਵੱਖ ਪੁਰਬ ਮਨਾਉਣ ਦਾ ਜਤਨ ਕਰੀਏ ਤਾਂ ਜੋ ਹੁਣ ਵਾਲੀ ਪੀੜ੍ਹੀ ਨੂੰ ਇਤਿਹਾਸਿਕ ਤਰੀਕਾਂ ਨੂੰ ਲੈਕੇ ਛੱਛੋਪੰਜ ਚੋਂ ਕੱਢਿਆ ਜਾ ਸਕੇ ਤੇ ਆਉਣ ਵਾਲੀ ਪੀੜ੍ਹੀ ਨੂੰ ਛੱਛੋਪੰਜ 'ਚ ਪੈਣ ਤੋਂ ਬਚਾਇਆ ਜਾ ਸਕੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈੰਟ ਕਮੇਟੀ ਦੇ ਅਧੀਨ ਆਉੰਦੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ, ਗੂਗਲ-ਖੋਜ 'ਤੇ ਇਤਿਹਾਸਿਕ ਤਰੀਕਾਂ ਹੋਰ ਲਿਖੀਆਂ ਹਨ ਤੇ ਸਾਡਾ ਸਿੱਖ ਸਮਾਜ ਹੋਰ ਤਰੀਕਾਂ 'ਤੇ ਪੁਰਬ ਮਨਾ ਰਿਹਾ ਹੈ ਜੋ ਲਗਾਤਾਰ ਇਤਿਹਾਸ ਨੂੰ ਲੈਕੇ ਉਲਝਣਾਂ ਪਾ ਰਿਹਾ ਹੈ ਤੇ ਸਾਡੇ ਸਿੱਖ ਸਮਾਜ ਦੇ ਲੋਕਾਂ ਕੋਲ ਕੋਈ ਫਿਕਸ ਤਰੀਕਾਂ ਨਹੀਂ ਹਨ ਤੇ ਜਿਸ ਕਰਕੇ ਬੱਚੇ ਹੋਰ ਧਰਮਾਂ ਦੇ ਤਿਉਹਾਰ ਬੜੇ ਚਾਅ ਨਾਲ ਮਨਾ ਲੈਂਦੇ ਹਨ ਤੇ ਆਪਣੇ ਤਿਉਹਾਰਾਂ ਨੂੰ ਲੈਕੇ ਹਾਂ-ਨਾ ਕਰਦੇ ਦਿਖਦੇ ਹਨ। ਉਹਨਾਂ ਕਿਹਾ ਸਾਲ 2025 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦੋ ਦਿਨ 6 ਜਨਵਰੀ ਤੇ 28 ਦਿਸੰਬਰ ਨੂੰ ਆਉਣਾ ਵੀ ਉਲਝਣ ਪੈਦਾ ਕਰਦਾ ਹੈ। ਅਖੀਰ 'ਚ ਸ. ਮਥਾਰੂ ਜੀ ਨੇ ਦੱਸਿਆ ਕਿ ਸੰਤ ਸਿਪਾਹੀ ਵਿਚਾਰ ਮੰਚ ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 22 ਦਿਸੰਬਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ, ਨਵੀਂ ਦਿੱਲੀ ਵਿਖੇ ਮਨਾਏਗਾ ਜਿਸ ਤਹਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ, ਕੀਰਤਨ ਦਰਬਾਰ ਤੇ ਕਵੀ ਦਰਬਾਰ ਹੋਵੇਗਾ।
Comments
Post a Comment