ਸਫ਼ਰ-ਏ-ਸ਼ਹਾਦਤ ਸਮਾਗਮ 22 ਦਿਸੰਬਰ ਨੂੰ

ਬਾਬਾ ਬਕਾਲਾ ਸਾਹਿਬ, 15 ਦਿਸੰਬਰ (ਸ਼ੁਕਰਗੁਜ਼ਾਰ ਸਿੰਘ)- ਸ਼ਹੀਦੀ ਪੰਦਰਵਾੜੇ ਤਹਿਤ ਸ਼੍ਰੀ ਗੁਰੂ ਤੇਗ ਬਹਾਦੁਰ, ਮਾਤਾ ਗੁਜਰੀ, ਚਾਰ ਸਾਹਿਬਜ਼ਾਦਿਆਂ ਤੇ ਗੜ੍ਹੀ ਚਮਕੌਰ 'ਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਫ਼ਰ-ਏ-ਸ਼ਹਾਦਤ ਗੁਰਮਤਿ ਸਮਾਗਮ ਤੇ ਕਵੀ ਦਰਬਾਰ ਮਿਤੀ 22 ਦਿਸੰਬਰ 2024 ਨੂੰ ਸਥਾਨਕ ਕਸਬੇ ਦੇ ਨੇੜਲੇ ਪਿੰਡ ਉੱਦੋਕੇ ਵਿਖੇ ਸਥਿਤ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਮਾਗਮ ਸੰਬੰਧੀ ਜਾਣਕਾਰੀ ਦੇਂਦਿਆਂ ਮੁੱਖ ਸੇਵਾਦਾਰ ਗੁਰਦੁਆਰਾ ਨਾਗੀਆਣਾ ਸਾਹਿਬ ਸੰਤ ਬਾਬਾ ਕਵਲਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਉੱਦੋਕੇ ਨੇ ਦੱਸਿਆ ਕਿ ਉਕਤ ਸਮਾਗਮ ਤਹਿਤ ਵੱਖ ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਪਹੁੰਚਣਗੇ ਅਤੇ ਸਿੱਖ ਕੌਮ ਦੇ ਪ੍ਰਚਾਰਕ, ਕਥਾਵਾਚਕ, ਕੀਰਤਨੀ ਜਥੇ ਸੰਗਤ ਨੂੰ ਸਵੇਰ ਤੋਂ ਹੀ ਗੁਰੂ ਇਤਿਹਾਸ ਨਾਲ ਤੇ ਰੱਬੀ ਬਾਣੀ ਨਾਲ ਜੋੜਨਗੇ। ਸਮਾਗਮ ਤਹਿਤ ਦੁਪਹਿਰ 11:30 ਵਜੇ ਤੋਂ 12:30 ਵਜੇ ਤੱਕ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਮੌਜੂਦਾ ਸਮੇਂ ਦੇ ਸਿਰਮੌਰ ਪੰਥਕ ਕਵੀ ਸਫ਼ਰ-ਏ-ਸ਼ਹਾਦਤ ਦਾ ਇਤਿਹਾਸ ਕਵਿਤਾਵਾਂ 'ਚ ਪੇਸ਼ ਕਰਨਗੇ ਤੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ। ਭਾਈ ਸ਼ਮਸ਼ੇਰ ਸਿੰਘ ਉੱਦੋਕੇ ਨੇ ਭਾਈ ਰਾਮ ਸਿੰਘ ਉੱਦੋਕੇ ਜੀ (ਯੂ.ਕੇ. ਵਾਲੇ) ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਦੱਸਿਆ ਕਿ ਉਹੋ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਗੁਰਮਤਿ ਕੀਰਤਨ ਸੰਗੀਤ ਅਕਾਦਮੀ ਉੱਦੋਕੇ ਦੀ ਲਗਾਤਾਰ ਪਿੱਛਲੇ 14/15 ਸਾਲ ਤੋੰ ਸੇਵਾ ਕਰ ਰਹੇ ਹਨ ਅਤੇ ਬਾਹਰਲੇ ਮੁਲਕ ਹੋਣ ਦੇ ਬਾਵਜੂਦ ਵੀ ਸਥਾਨਕ ਸੰਸਥਾ ਦੇ ਰਾਹੀਂ ਨਿਸ਼ਕਾਮ ਕੀਰਤਨ ਪ੍ਰਚਾਰ ਕਰ ਰਹੇ ਹਨ ਤੇ ਬੱਚਿਆਂ ਨੂੰ ਆਨ-ਲਾਇਨ/ਆਫ-ਲਾੲਇਨ ਦੋਨੋਂ ਮਾਧਿਅਮਾਂ ਰਾਹੀਂ ਕੀਰਤਨ ਨਾਲ ਜੋੜ ਰਹੇ ਹਨ। ਸੰਤ ਬਾਬਾ ਕਵਲਜੀਤ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਸੰਗਤਾਂ ਬੱਚਿਆਂ ਸਮੇਤ ਉਕਤ ਸਮਾਗਮ ਵਿੱਚ ਪਹੁੰਚਣ ਤੇ ਗੁਰੂ ਇਤਿਹਾਸ ਨਾਲ ਬੱਚਿਆਂ ਨੂੰ ਜੋੜਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Comments